
ਕਿਸਮਤ ਤੇ ਕੀ ਦੋਸ਼ ਮੁਕਟ ਨਾ ਬਣਿਆ ਮੱਥੇ ਦਾ,
ਚਲੋ ਕੱਖ ਗਲੀਆਂ ਦਾ ਬਣਕੇ ਕਦਮੀਂ ਤੇ ਵਿਛ ਜਾਵਾਂਗਾ।
ਕਾਹਦਾ ਸ਼ਿਕਵਾ ਜੇ ਸੂਰਜ ਬਣਨਾ ਮੁਮਕਿਨ ਨਹੀਂ,
ਅਜੇ ਜੁਗਨੂੰ ਬਣਕੇ ਕੁਝ ਨ੍ਹੇਰਾ ਤੇ ਦੂਰ ਹਟਾਵਾਂਗਾ।
ਮੰਨਦਾ ਹਾਂ ਕਿ ਮੰਜਿਲ ਮੇਰੀ ਦੂਰ ਬੜੀ,
ਚਲੋ ਡਿਗਦਾ ਢਹਿੰਦਾਂ ਕੁਝ ਤੇ ਸਫਰ ਮੁਕਾਵਾਂਗਾ।
ਹੋਣੀ ਏ ਕੁਝ ਮਜਬੂਰੀ ਜੋ ਅੱਧਵਾਟੇ ਮੁੜ ਗਏ ਨੇ,
ਉਸ ਰਾਹੀ ਦੀਆਂ ਯਾਦਾਂ ਤੇ ਸੀਨੇ ਲਾਵਾਂਗਾ।
ਸੁਪਨੇ ਭਾਵੇਂ ਵਿੱਚ ਹਕੀਕਤ ਬਦਲੇ ਨਹੀਂ,
ਆਖੇ ਇਹ ਦਿਲ ਆਸਾਂ ਦੇ ਦੀਪ ਜਲਾਵਾਂਗਾ।
ਦਹਿਲੀਜ਼ਾਂ ਅੱਗੇ ਝੁਕ ਜਾਂਦਾ ਸਿਰ ਜਾਕੇ ਸੱਜਣਾਂ ਦੇ,
ਫਿਰ ਕਿਉਂ ਪੱਥਰਾਂ ਨੂੰ ਜਾ ਫਰਿਆਦ ਸੁਣਾਂਵਾਂਗਾ।
ਸਾਹਾਂ ਦਾ ਕੀ ਇਤਬਾਰ ਕਿ ਕਿਸ ਪਲ ਮੁਕ ਜਾਣਾ,
ਇਹ ਰਹਿੰਦੀ ਜਿੰਦਗੀ ਸੱਜਣਾ ਨਾਮ ਲਿਖਾਵਾਂਗਾ।
ਇਕ ਤਮੰਨਾ ਸਿਜਦਾ ਕਰਨਾ ਉਹਦੀਆਂ ਪੈੜਾਂ ਨੂੰ,
ਚਲੋ ਏਸ ਜਨਮ ਨਾ ਅਗਲੇ ਜਨਮ ਤੇ ਪਾਵਾਂਗਾ।
ਜਸਵੀਰ

