ਇਹੀਉ ਕਰਾਂ ਦੁਆਂਵਾਂ ਲੱਗ ਜਾਏ ਉਮਰ ਮੇਰੀ ਵੀ ਨਾਂ ਤੇਰੇ,
ਦੁੱਖਾਂ ਦੀ ਸ਼ਿਖਰ ਦੁਪਿਹਰ ਤਾਂਈਂ ਝੱਲਾਂ ਮੈਂ ਸੱਜਣਾ ਥਾਂ ਤੇਰੇ,
ਰੱਬ ਵਰਗਿਆ ਰੂਹ ਤੇਰੀ ਨੂੰ ਕੋਈ ਹੋਰ ਰੁਆਵੇ ਨਾ,
ਇੰਨੀਆਂ ਮਿਲ ਜਾਣ ਖੁਸ਼ੀਆਂ ਕਿ ਸਾਡਾ ਚੇਤਾ ਆਵੇ ਨਾ…
ਹੋਵੇ ਸਾਡੇ ਲਈ ਹਰ ਮੱਸਿਆ ਤੇ ਹਰ ਰਾਤ ਦਿਵਾਲੀ ਤੇਰੇ ਲਈ,
ਰੁਸ਼ਨਾਈਆ ਹੋਵਣ ਦਰ ਤੇਰੇ ਅਸਾਂ ਜਿੰਦੜੀ ਬਾਲੀ ਤੇਰੇ ਲਈ,
ਤੇਰੀ ਨਗਰੀ ਸੱਤ ਜਨਮ ਦੁੱਖ ਫੇਰਾ ਪਾਵੇ ਨਾ…
ਇੰਨੀਆਂ ਮਿਲ ਜਾਣ ਖੁਸ਼ੀਆਂ ਕਿ ਸਾਡਾ ਚੇਤਾ ਆਵੇ ਨਾ…
ਤੇਰੇ ਪੈਰਾਂ ਥੱਲੇ ਹੱਥ ਦੇਈਏ ਕਿਤੇ ਰੋੜ ਚੁਭਣ ਨਾ ਰਾਹਵਾਂ ਦੇ,
ਕੀ ਸਾਡੀ ਜਿੰਦਗੀ ਸੁੱਕੇ ਪੱਤਰ ਜੋ ਉਡਦੇ ਵਿੱਚ ਹਵਾਵਾਂ ਦੇ,
ਵਿੱਚ ਉਜਾੜਾਂ ਉਡਦਿਆਂ ਨੂੰ ਕੋਈ ਗਲ ਨਾਲ ਲਾਵੇ ਨਾ…
ਇੰਨੀਆਂ ਮਿਲ ਜਾਣ ਖੁਸ਼ੀਆਂ ਕਿ ਸਾਡਾ ਚੇਤਾ ਆਵੇ ਨਾ…
ਤੂੰ ਖੁਸ਼ੀਆਂ ਮਾਣੇ ਸੱਜਣਾ ਵੇ ਸਾਨੂੰ ਇਹੋ ਖੁਸ਼ੀ ਬਥੇਰੀ ਏ,
ਬੱਸ ਭੁੱਲੀਏ ਨਾ ਅਸੀਂ ਨਾਂ ਤੇਰਾ ਇਹੋ ਅਰਜ਼ ਖੁਦਾ ਨੂੰ ਮੇਰੀ ਏ,
ਕਦੇ ਦੋ ਅੱਖਰਾਂ ਦੀ ਦੁਨੀਆਂ ਨੂੰ ‘ਜਸਵੀਰ’ ਭੁਲਾਵੇ ਨਾ..
ਇੰਨੀਆਂ ਮਿਲ ਜਾਣ ਖੁਸ਼ੀਆਂ ਕਿ ਸਾਡਾ ਚੇਤਾ ਆਵੇ ਨਾ…
ਜਸਵੀਰ

1 comment:
Post a Comment