Monday, April 5, 2010

ਸਭ ਕੁੱਝ ਅੱਖੀਂ ਵੇਖਿਆ .....

ਕਦੇ ਖੂਨ ਰਗਾਂ ਵਿੱਚ ਦੌੜਦਾ ਦੁੱਲੇ ਦਾ ਸਾਡੇ,
ਦਿੱਲੀ ਤਖਤ ਹਿਲਾ ਦੇੲੀਏ ਵੈਰੀ ਰਣ ਛਾਡੇ,
ਪੁੱਤਰ ਯੋਧੇ ਜੰਮਦੀਆ ਲੱਧੀਆ ਸੀ ਮਾਵਾਂ,
ਸਭ ਕੁੱਝ ਅੱਖੀਂ ਵੇਖਿਆ ਵੇਖਿਆ ਪੰਜਾਂ ਦਰਿਆਵਾਂ ....

ਮਾਧੋ ਚੱਲਿਆ ਦੱਖਣੋ ਬੰਦਾ ਸਿੰਘ ਬਣਕੇ,
ਜੁਲਮ ਜਬਰ ਨੂੰ ਪੁੱਟਣਾ ਆਖੇ ਹਿੱਕ ਤਣਕੇ,
ਸਰਹੰਦ ਸਢੌਰਾ ਜਿੱਤਿਆ ਕਿੰਝ ਮੱਲੀਆ ਥਾਵਾਂ,
ਸਭ ਕੁੱਝ ਅੱਖੀਂ ਵੇਖਿਆ ਵੇਖਿਆ ਪੰਜਾਂ ਦਰਿਆਵਾਂ ....

ਕਦੇ ਕਾਬਲ ਤੱਕ ਸੀ ਝੂਲਦੇ ਜਿੰਨਾਂ ਦੇ ਝੰਡੇ,
ਫਿਰ ਆਪੋ ਵਿੱਚ ਹੀ ਲੜ ਪਏ ਗਏ ਯੋਧੇ ਵੰਡੇ,
ਕਿੰਝ ਚੜਦਾ ਸੂਰਜ ਡੁੱਬਿਆ ਸੀ ਵਿੱਚ ਸਭਰਾਵਾਂ,
ਸਭ ਕੁੱਝ ਅੱਖੀਂ ਵੇਖਿਆ ਵੇਖਿਆ ਪੰਜਾਂ ਦਰਿਆਵਾਂ ....

ਫਿਰ ਗਲੋਂ ਗੁਲਾਮੀ ਲਾਹੁਣ ਲਈ ਗਦਰੀ ਸੀ ਆਏ,
ਹੱਸ ਹੱਸ ਫਾਂਸੀ ਚੁੰਮਦੇ ਮਾਵਾਂ ਦੇ ਜਾਏ,
ਕਦ ਲੰਮਾ ਹੌਕਾਂ ਭਰਿਆ ਸਤਲੁਜ ਦਿਆਂ ਸਾਹਵਾਂ
ਸਭ ਕੁੱਝ ਅੱਖੀਂ ਵੇਖਿਆ ਵੇਖਿਆ ਪੰਜਾਂ ਦਰਿਆਵਾਂ ....

ਫਿਰ ਧਰਤੀ ਵੰਡੀ ਹਾਕਮਾਂ ਗੱਦੀਆਂ ਲਈ ਲੜਦੇ,
ਅੱਜ ਦੁੱਲੇ ਪੁੱਤ ਪੰਜਾਬ ਦੇ ਖੁਦਕੁਸ਼ੀਆਂ ਕਰਦੇ,
ਧੀਆਂ ਪਾਣੀ ਮੁੱਕ ਗਏ ਮੁੱਕੀਆਂ ਨੇ ਛਾਵਾਂ
ਸਭ ਕੁੱਝ ਅੱਖੀਂ ਵੇਖਿਆ ਵੇਖਿਆ ਪੰਜਾਂ ਦਰਿਆਵਾਂ ....

No comments: