Sunday, June 13, 2010

ਇਤਿਹਾਸ
















ਜੋ ਰੱਖਣਾ ਸੀ ਸਾਂਭ ਇਤਿਹਾਸ ਰੋਲ ਦਿੱਤਾ ਏ,
ਚਿੱਟੇ ਪੱਥਰਾਂ ਦੇ ਥੱਲੇ ਸਭ ਖਾਸ ਰੋਲ ਦਿੱਤਾ ਏ,
ਕਿੱਥੋਂ ਬੱਚਿਆਂ ਨੂੰ ਕੰਧ ਸਰਹੰਦ ਦੀ ਵਿਖਾਵਾਂਗੇ
ਇਵੇਂ ਜਿਵੇਂ ਹੌਲੀ ਹੌਲੀ ਆਪ ਰੁਲ ਜਾਵਾਂਗੇ....

ਗੁਜਰੀ ਦਾ ਵੇਹੜਾ ਅਤੇ ਗੜੀ ਚਮਕੌਰ ਦੀ
ਰੱਖੀ ਕੋਈ ਨਿਸਾਨੀ ਵੀ ਨਾ ਤਖਤ ਲਹੌਰ ਦੀ
ਜਿਤਿਆ ਸੀ ਜਿਹੜਾ ਦੱਸੋ ਕਿੰਝ ਦਰਸਾਵਾਂਗੇ
ਇਵੇਂ ਜਿਵੇਂ ਹੌਲੀ ਹੌਲੀ ਆਪ ਰੁਲ ਜਾਵਾਂਗੇ....

ਹਰਿਮੰਦਰ ਦੇ ਸੀਨੇ ਵਿੱਚ ਗੋਲੀਆਂ ਜੋ ਵੱਜੀਆਂ
ਆਪਣੇ ਹੀ ਖੂਨ ਉਤੇ ਫੌਜਾਂ ਕਿਵੇਂ ਗੱਜੀਆਂ
ਮੁੜ ਵਾਪਰੇ ਨਾ ਐਸਾ ਕਿਵੇਂ ਸਭ ਨੂੰ ਸਿਖਾਵਾਂਗੇ
ਇਵੇਂ ਜਿਵੇਂ ਹੌਲੀ ਹੌਲੀ ਆਪ ਰੁਲ ਜਾਵਾਂਗੇ....

ਨਾਨਕ ਫਰੀਦ ਦੀ ਵੀ ਬੋਲੀ ਜਾਈਏ ਭੁਲਦੇ
ਨੰਨੇ ਹੱਥੀਂ ਵੇਖੋ ਅੰਗਰੇਜੀ ਕਾਇਦੇ ਖੁਲਦੇ
ਵਾਰਿਸ ਤੇ ਬੁੱਲਾ ਕਿਵੇਂ ਰੂਬਰੂ ਕਰਾਵਾਂਗੇ
ਇਵੇਂ ਜਿਵੇਂ ਹੌਲੀ ਹੌਲੀ ਆਪ ਰੁਲ ਜਾਵਾਂਗੇ....

ਉਹੀਉ ਜਸਵੀਰ ਕੌਮਾਂ ਜੱਗ ਤੇ ਜਿਉਂਦੀਆਂ,
ਇਤਿਹਾਸ ਆਪਣੇ ਨੂੰ ਜੋ ਕਦੇ ਨਾ ਭੁਲਾਉਂਦੀਆਂ,
ਬਚਣਾ ਨਹੀਂ ਕੁਝ ਜਦੋਂ ਫੇਰ ਪਛਤਾਵਾਂਗੇ
ਇਵੇਂ ਜਿਵੇਂ ਹੌਲੀ ਹੌਲੀ ਆਪ ਰੁਲ ਜਾਵਾਂਗੇ....

1 comment:

ਗੁਰਪ੍ਰੀਤ ਸਿੰਘ said...

ਬਹੁਤ ਖੂਬ, ਸੱਚ ਲਿਖਿਐ ਵੀਰ