Saturday, March 26, 2011

ਕੀ ਰੰਗ ਚੜਣਾ ਹੋਲੀ ਦਾ



ਅਸੀ ਇਕੋ ਰੰਗ ਵਿੱਚ ਰੰਗੇ ਹੁਣ ਕੀ ਰੰਗ ਚੜਣਾ ਹੋਲੀ ਦਾ,
ਰੱਬ ਆਪੇ ਹੀ ਮੰਨ ਜਾਣਾ ਨਾਂ ਤੇਰਾ ਮੁਖੋਂ ਬੋਲੀ ਦਾ,
ਰੰਗ ਏਨਾ ਗੂੜਾ ਚੜਿਆ, ਸਾਡੇ ਧੁਰ ਅੰਦਰ ਵੜਿਆਂ,
ਸਾਨੂੰ ਸਾਰੀ ਦੁਨੀਆ ਭੁੱਲੀ, ਇੱਕ ਤੇਰਾ ਪੱਲਾ ਫੜਿਆ
ਤਸਵੀਰ ਦਿਸੇਂਦੀ ਤੇਰੀ ਬੂਹਾ ਜਦ ਵੀ ਦਿਲ ਦਾ ਖੋਲੀ ਦਾ,
ਅਸੀ ਇਕੋ ਰੰਗ ਵਿੱਚ ਰੰਗੇ ਹੁਣ ਕੀ ਰੰਗ ਚੜਣਾ ਹੋਲੀ ਦਾ......

Tuesday, February 8, 2011

ਬਹੁਤਾ ਨਹੀਂ ਪਰ ਯਾਦ ਕਦੇ ਤਾਂ.............



ਦਿਲ ਮੇਰੇ ਨੇ ਗਿਲਾ ਨਾ ਕੀਤਾ ਜਦ ਮੇਰੇ ਤੋਂ ਦੂਰ ਹੋਈ,
ਸੁਣਿਆਂ ਹੁਣ ਪਰਦੇਸਣ ਹੋ ਗਈ ਏਨੀ ਕਿਉਂ ਮਜਬੂਰ ਹੋਈ,
ਮੁਲਕ ਬਿਗਾਨਾ, ਵੱਸ ਬਿਗਾਨੇ, ਹਾਉਕੇਂ ਭਰਦੀ ਹੋਵੇਗੀ
ਬਹੁਤਾ ਨਹੀਂ ਪਰ ਯਾਦ ਕਦੇ ਤਾਂ ਕਰਦੀ ਹੋਵੇਗੀ.....

ਵਿੱਚ ਸਹੇਲੀਆਂ ਭੁੱਲ ਭੁਲੇਖੇ ਨਾਂ ਮੇਰੇ ਦਾ ਜਿਕਰ ਤਾਂ ਹੋਣੈ,
ਖੌਰੇ ਅੱਜਕੱਲ ਕਿੱਥੇ ਰਹਿੰਦਾ ਦਿਲ ੳਹਦੇ ਨੂੰ ਫਿਕਰ ਤਾਂ ਹੋਣੈ,
ਬੀਤੀਆਂ ਕੁੱਝ ਘਟਨਾਵਾਂ ਸੁਣਕੇ,
ਭੁੱਲਣ ਦੀਆਂ ਸਲਾਹਵਾਂ ਸੁਣਕੇ ,ਡਰਦੀ ਹੋਵੇਗੀ...
ਬਹੁਤਾ ਨਹੀਂ ਪਰ ਯਾਦ ਕਦੇ ਤਾਂ ਕਰਦੀ ਹੋਵੇਗੀ....

ਹੱਥ ਮੇਰੇ ਦੀਆਂ ਵੇਖ ਲਕੀਰਾਂ ਉਹ ਸੀ ਕਿਸਮਤ ਪੜਦੀ ਰਹਿੰਦੀ,
ਕੋਈ ਮੇਰੇ ਤੋਂ ਖੋਹ ਨਹੀ ਸਕਦਾ ਰੱਬ ਨਾਲ ਵੀ ਲੜਦੀ ਰਹਿੰਦੀ,
ਉਮਰੋਂ ਲੰਮੀਆਂ ਇਹ ਜੁਦਾਈਆਂ,
ਜੋ ਨੇ ਵੇਹੜੇ ਸਾਡੇ ਆਈਆਂ ਕਿੰਝ ਜਰਦੀ ਹੋਵੇਗੀ
ਬਹੁਤਾ ਨਹੀਂ ਪਰ ਯਾਦ ਕਦੇ ਤਾਂ ਕਰਦੀ ਹੋਵੇਗੀ....

ਕਿਸੇ ਪੁਰਾਣੀ ਡਾਇਰੀ ਦੇ ਵਿੱਚ ਹੋਣੀ ਏ ਤਸਵੀਰ ਵੀ ਲਗਦਾ,
ਸੂਹੇ ਜਿਹੇ ਕਿਸੇ ਰੰਗ ਨਾਲ ਲਿਖਿਆ ਮਿਟਿਆ ਨਹੀਂ ਜਸਵੀਰ ਵੀ ਲਗਦਾ,
ਡਿਗਦੇ ਅੱਥਰੂ ਕਿਵੇਂ ਲੁਕਾਵੇ,
ਚੰਦਰੇ ਜੱਗ ਨੂੰ ਕੀ ਸਮਝਾਵੇ, ਹੱਥ ਕਾਲਜੇ ਧਰਦੀ ਹੋਵੇਗੀ...
ਬਹੁਤਾ ਨਹੀਂ ਪਰ ਯਾਦ ਕਦੇ ਤਾਂ ਕਰਦੀ ਹੋਵੇਗੀ....

Saturday, July 31, 2010

ਦਿਲ ਤਾਂ ਨਹੀਂ ਕਰਦਾ ....

ਵੇਖੀਂ ਨਾ ਚਿੱਤ ਡੁਲਾਵੀਂ, ਕੱਲੀ ਬਹਿ ਮਨ ਸਮਝਾਵੀ
ਡੋਲੀਂ ਨਾ ਨੈਣੋ ਅੱਥਰੂ, ਐਵੇਂ ਨਾ ਜਿੰਦ ਰੁਲਾਵੀਂ,
ਵਕਤਾਂ ਦੀਆਂ ਤੰਗੀਆਂ ਫਿਕਰਾਂ ਕੀਤਾ ਮਜਬੂਰ ਮੈ
ਦਿਲ ਤਾਂ ਨਹੀਂ ਕਰਦਾ ਅੜੀਏ ਹੋਵਾਂ ਕਦੇ ਦੂਰ ਮੈਂ...

ਅੰਮੜੀ ਦਾ ਛੱਡਕੇ ਵੇਹੜਾ, ਬਾਬਲ ਦਾ ਨੱਗਰ ਖੇੜਾ,
ਘਰ ਵਿੱਚ ਰੁਜਗਾਰ ਮਿਲੇ ਜੇ, ਪਰਦੇਸੀਂ ਰੁਲਦਾ ਕੇਹੜਾ,
ਕੱਢਾਂ ਕੀ ਸਮਝ ਨਾ ਆਵੇ , ਕਿਸਦਾ ਕਸੂਰ ਮੈਂ
ਦਿਲ ਤਾਂ ਨਹੀਂ ਕਰਦਾ ਅੜੀਏ ਹੋਵਾਂ ਕਦੇ ਦੂਰ ਮੈਂ...

ਰੋਦੀਂ ਨਾ ਵੇਖੀ ਜਾਵੇ,ਚੁੰਨੀ ਨਾਲ ਮੁੱਖ ਲੁਕਾਵੇ,
ਛੋਟੀ ਜੋ ਭੈਣ ਪਿਆਰੀ,ਮੇਰੇ ਬਿਨ ਕੌਣ ਵਿਰਾਵੇ,
ਰੱਖੀਂ ਤੂੰ ਖਿਆਲ ਆਪਣਾ ਆਵਾਂਗਾ ਜਰੂਰ ਮੈਂ
ਦਿਲ ਤਾਂ ਨਹੀਂ ਕਰਦਾ ਅੜੀਏ ਹੋਵਾਂ ਕਦੇ ਦੂਰ ਮੈਂ...

ਕੀ ਐਸੀ ਜਿੰਦਗੀ ਦਾ ਜੀਣਾ ,ਕੱਖਾਂ ਤੋਂ ਜੋ ਕਰਦੀ ਹੀਣਾ,
ਛੱਡੀਏ ਜਦ ਜਸਵੀਰ ਵਤਣ ਨੂੰ ,ਪੈਂਦਾ ਘੁੱਟ ਸਬਰ ਦਾ ਪੀਣਾ,
ਅੱਖੀਆਂ ਚੋਂ ਵਗਦੇ ਅੱਥਰੂ ਡਾਹਢਾ ਮਜਬੂਰ ਮੈਂ
ਦਿਲ ਤਾਂ ਨਹੀਂ ਕਰਦਾ ਅੜੀਏ ਹੋਵਾਂ ਕਦੇ ਦੂਰ ਮੈਂ..
>

Monday, June 28, 2010

ਤਖਤਾਂ ਵਾਲਿਉ .....













ਅੱਕੇ ਥੱਕੇ ਲੋਕੀ ਕਦ ਤਕ ਜੁਲਮ ਸਹਾਰਣਗੇ,
ਪੀ ਸਪਰੇਹਾਂ ਮਰਦੇ ਜੋ ਕਦੇ ਉਹ ਲਲਕਾਰਣਗੇ,
ਤਖਤਾਂ ਵਾਲਿਉ ਆ ਜਾਣਾ ਦਿਨ ਉਹ ਵੀ ਦੂਰ ਨਹੀਂ,
ਜਦ ਪੁੱਤ ਮਾਵਾਂ ਦੇ ਰਲਕੇ ਥੋਡਾ ਕਰਜ ਉਤਾਰਣਗੇ....

ਬਹੁਤਾ ਚਿਰ ਨਹੀਂ ਚਲਣਾ ਹੁਣ ਜੁਲਮਾਂ ਦਾ ਘੇਰਾ ਇਹ
ਇੱਕ ਦਿਨ ਸੂਰਜ ਚੜਣਾ ਹੋਣਾ ਦੂਰ ਹਨੇਰਾ ਇਹ
ਮੱਥੇ ਦੀਆ ਲਕੀਰਾਂ ਨੂੰ ਫਿਰ ਆਪ ਸਵਾਰਣਗੇ
ਤਖਤਾਂ ਵਾਲਿਉ ਆ ਜਾਣਾ.....

ਮੱਤ ਮਾਰੇ ਮਹਿੰਗਾਈ ਝੋਰਾ ਧੀ ਵਿਆਹਵਣ ਦਾ,
ਕਿਤੇ ਬਾਪੂ ਦੀ ਬਿਮਾਰੀ ਕਰਜਾ ਪੁੱਤ ਪੜਾਵਣ ਦਾ
ਵਕਤ ਦੀਆਂ ਫੜ ਵਾਗਾਂ ਦੂਰ ਵਗਾਹ ਕੇ ਮਾਰਣਗੇ..
ਤਖਤਾਂ ਵਾਲਿਉ ਆ ਜਾਣਾ.....

ਰੁਲਦੇ ਵੇਖੀਂ ਤਾਜ ਸੁਨਹਿਰੀ ਕਦਮਾਂ ਥੱਲੇ ਬਈ,
ਪਾਪਾਂ ਦੀ ਸਰਹੰਦ ਉੱਤੇ ਜਦ ਹੋਣੇ ਹੱਲੇ ਬਈ,
ਇੱਟ ਨਾਲ ਇੱਟ ਖੜਕਾਉਣੀ ਜਦ ਸੀਨੇ ਵਿੱਚ ਧਾਰਣਗੇ,
ਤਖਤਾਂ ਵਾਲਿਉ ਆ ਜਾਣਾ.....

ਕੀ ਹੋਇਆ ਅੱਜ ਪਾਣੀ ਵੀ ਹੱਡਾਂ ਨੂੰ ਖਾਂਦਾਂ ਏ,
ਪਰ ਗੁੱਸਾ ਵੀ ਤਾਂ ਪਾਰੇ ਵਾਂਗੂੰ ਚੜਦਾ ਜਾਂਦਾ ਏ,
ਫੜ ਕੇ ਸੱਭੇ ਲੋਟੂ ਚੌਕਾਂ ਵਿੱਚ ਖਲਾਰਣਗੇ
ਤਖਤਾਂ ਵਾਲਿਉ ਆ ਜਾਣਾ.
....

Sunday, June 13, 2010

ਇਤਿਹਾਸ
















ਜੋ ਰੱਖਣਾ ਸੀ ਸਾਂਭ ਇਤਿਹਾਸ ਰੋਲ ਦਿੱਤਾ ਏ,
ਚਿੱਟੇ ਪੱਥਰਾਂ ਦੇ ਥੱਲੇ ਸਭ ਖਾਸ ਰੋਲ ਦਿੱਤਾ ਏ,
ਕਿੱਥੋਂ ਬੱਚਿਆਂ ਨੂੰ ਕੰਧ ਸਰਹੰਦ ਦੀ ਵਿਖਾਵਾਂਗੇ
ਇਵੇਂ ਜਿਵੇਂ ਹੌਲੀ ਹੌਲੀ ਆਪ ਰੁਲ ਜਾਵਾਂਗੇ....

ਗੁਜਰੀ ਦਾ ਵੇਹੜਾ ਅਤੇ ਗੜੀ ਚਮਕੌਰ ਦੀ
ਰੱਖੀ ਕੋਈ ਨਿਸਾਨੀ ਵੀ ਨਾ ਤਖਤ ਲਹੌਰ ਦੀ
ਜਿਤਿਆ ਸੀ ਜਿਹੜਾ ਦੱਸੋ ਕਿੰਝ ਦਰਸਾਵਾਂਗੇ
ਇਵੇਂ ਜਿਵੇਂ ਹੌਲੀ ਹੌਲੀ ਆਪ ਰੁਲ ਜਾਵਾਂਗੇ....

ਹਰਿਮੰਦਰ ਦੇ ਸੀਨੇ ਵਿੱਚ ਗੋਲੀਆਂ ਜੋ ਵੱਜੀਆਂ
ਆਪਣੇ ਹੀ ਖੂਨ ਉਤੇ ਫੌਜਾਂ ਕਿਵੇਂ ਗੱਜੀਆਂ
ਮੁੜ ਵਾਪਰੇ ਨਾ ਐਸਾ ਕਿਵੇਂ ਸਭ ਨੂੰ ਸਿਖਾਵਾਂਗੇ
ਇਵੇਂ ਜਿਵੇਂ ਹੌਲੀ ਹੌਲੀ ਆਪ ਰੁਲ ਜਾਵਾਂਗੇ....

ਨਾਨਕ ਫਰੀਦ ਦੀ ਵੀ ਬੋਲੀ ਜਾਈਏ ਭੁਲਦੇ
ਨੰਨੇ ਹੱਥੀਂ ਵੇਖੋ ਅੰਗਰੇਜੀ ਕਾਇਦੇ ਖੁਲਦੇ
ਵਾਰਿਸ ਤੇ ਬੁੱਲਾ ਕਿਵੇਂ ਰੂਬਰੂ ਕਰਾਵਾਂਗੇ
ਇਵੇਂ ਜਿਵੇਂ ਹੌਲੀ ਹੌਲੀ ਆਪ ਰੁਲ ਜਾਵਾਂਗੇ....

ਉਹੀਉ ਜਸਵੀਰ ਕੌਮਾਂ ਜੱਗ ਤੇ ਜਿਉਂਦੀਆਂ,
ਇਤਿਹਾਸ ਆਪਣੇ ਨੂੰ ਜੋ ਕਦੇ ਨਾ ਭੁਲਾਉਂਦੀਆਂ,
ਬਚਣਾ ਨਹੀਂ ਕੁਝ ਜਦੋਂ ਫੇਰ ਪਛਤਾਵਾਂਗੇ
ਇਵੇਂ ਜਿਵੇਂ ਹੌਲੀ ਹੌਲੀ ਆਪ ਰੁਲ ਜਾਵਾਂਗੇ....